ਪੰਜਾਬੀ ਯੂਨੀਵਰਸਿਟੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜਾਬੀ ਯੂਨੀਵਰਸਿਟੀ: ਪੰਜਾਬੀ ਭਾਸ਼ਾ , ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਸੰਬੰਧੀ ਚਲਾਏ ਗਏ ਅੰਦੋਲਨਾਂ ਦੇ ਫਲਸਰੂਪ ਇਹ ਯੂਨੀਵਰਸਿਟੀ ਹੋਂਦ ਵਿਚ ਆਈ। ਸੰਸਾਰ ਵਿਚ ਵਖ ਵਖ ਯੂਨੀਵਰਸਿਟੀਆਂ ਧਰਮਾਂ, ਸ਼ਹਿਰਾਂ ਜਾਂ ਸੂਬਿਆਂ ਦੇ ਨਾਂ’ਤੇ ਜਾਂ ਉਨ੍ਹਾਂ ਦੇ ਮੋਢੀਆਂ ਅਤੇ ਲੀਡਰਾਂ ਦੇ ਨਾਂ’ਤੇ ਸਥਾਪਿਤ ਕੀਤੀਆ ਜਾਂਦੀਆਂ ਹਨ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਜ਼ਰਾਈਲ ਦੀ ਹਿਬ੍ਰਿਊ ਯੂਨੀਵਰਸਿਟੀ ਤੋਂ ਬਾਦ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜਿਸ ਦਾ ਨਾਂ ਭਾਸ਼ਾ ਦੇ ਨਾਂ’ਤੇ ਰਖਿਆ ਗਿਆ ਹੈ। ਯੂਨੀਵਰਸਿਟੀ ਐਕਟ ਅਨੁਸਾਰ ਇਸ ਨੂੰ ਸਥਾਪਿਤ ਕਰਨ ਦਾ ਮੰਤਵ ਪੰਜਾਬੀ ਭਾਸ਼ਾ ਦਾ ਸਰਬ ਪੱਖੀ ਵਿਕਾਸ ਕਰਨਾ ਹੈ। ਇਸ ਸੰਬੰਧ ਵਿਚ ਐਕਟ ਦੀਆਂ ਹੇਠਾਂ ਲਿਖੀਆਂ ਦੋ ਧਾਰਾਵਾਂ ਵਿਸ਼ੇਸ਼ ਧਿਆਨਯੋਗ ਹਨ :

ਧਾਰਾ 4(2) ‘‘ਪੰਜਾਬੀ ਅਧਿਐਨ ਨੂੰ ਤਰੱਕੀ ਦੇਣਾ, ਪੰਜਾਬੀ ਸਾਹਿਤ ਦੀ ਖੋਜ ਲਈ ਵਿਵਸਥਾ ਕਰਨਾ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਉਪਾਅ ਕਰਨੇ ਅਤੇ ਜਿਤਨੇ ਵਿਸ਼ਿਆਂ ਲਈ ਵੀ ਸੰਭਵ ਹੋ ਸਕੇ , ਇਸ ਨੂੰ ਪ੍ਰਗਤੀਸ਼ੀਲ ਰੂਪ ਵਿਚ ਸਿੱਖਿਆ-ਦੀਖਿਆ ਅਤੇ ਪ੍ਰੀਖਿਆ ਦੇ ਮਾਧਿਅਮ ਵਜੋਂ ਅਪਨਾਉਣਾ।’’

ਧਾਰਾ 4(16): ‘‘ਪੰਜਾਬੀ ਭਾਸ਼ਾ ਜਾਂ ਹੋਰ ਭਾਸ਼ਾਵਾਂ ਵਿਚ ਕਿਤਾਬਾਂ, ਜਰਨਲ, ਰਸਾਲੇ ਅਤੇ ਹੋਰ ਸਾਮਗ੍ਰੀ ਤਿਆਰ ਕਰਨਾ, ਉਨ੍ਹਾਂ ਦਾ ਅਨੁਵਾਦ ਅਤੇ ਪ੍ਰਕਾਸ਼ਨ ਕਰਨਾ ਅਤੇ ਅਜਿਹੀਆਂ ਕਿਤਾਬਾਂ, ਜਨਰਲ, ਰਸਾਲੇ ਅਤੇ ਹੋਰ ਸਾਮਗ੍ਰੀ ਤਿਆਰ ਕਰਨਾ, ਉਨ੍ਹਾਂ ਦੇ ਅਨੁਵਾਦ ਅਤੇ ਪ੍ਰਕਾਸ਼ਨ ਵਿਚ ਹੋਰ ਸੰਸਥਾਵਾਂ ਅਤੇ ਵਿਅਕਤੀਆਂ ਦੀ ਸਹਾਇਤਾ ਕਰਨਾ।’’

ਇਨ੍ਹਾਂ ਮੰਤਵਾਂ ਦੀ ਪੂਰਤੀ ਲਈ 5 ਅਗਸਤ 1960 ਈ. ਨੂੰ ਪੰਜਾਬ ਸਰਕਾਰ ਨੇ ਇਕ 13 ਮੈਂਬਰੀ ਕਮਿਸ਼ਨ ਮਹਾਰਾਜਾ ਯਾਦਵਿੰਦਰ ਸਿੰਘ ਦੀ ਚੇਅਰਮੈਨਸ਼ਿਪ ਅਧੀਨ ਕਾਇਮ ਕੀਤਾ। ਇਸ ਕਮਿਸ਼ਨ ਦਾ ਮੁਖ ਕੰਮ ਯੂਨੀਵਰਸਿਟੀ ਦਾ ਕਾਰਜ-ਖੇਤਰ, ਮੰਤਵ, ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਮਾਧਿਅਮ ਨੂੰ ਲਾਗੂ ਕਰਨ ਲਈ ਰੂਪ-ਰੇਖਾ ਅਤੇ ਸੀਮਾ ਨਿਸ਼ਚਿਤ ਕਰਨਾ ਅਤੇ ਯੂਨੀਵਰਸਿਟੀ ਦੀ ਸਥਾਪਨਾ ਲਈ ਆਰਥਿਕ ਮਸਲਿਆਂ ਨੂੰ ਹਲ ਕਰਨਾ ਸੀ। ਇਸ ਕਮਿਸ਼ਨ ਨੇ 13 ਫਰਵਰੀ 1961 ਈ. ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਜਿਸ ਦੇ ਆਧਾਰ’ਤੇ ਪੰਜਾਬ ਸਰਕਾਰ ਦੁਆਰਾ ਪੰਜਾਬੀ ਯੂਨੀਵਰਸਿਟੀ ਐਕਟ ਪਾਸ ਕੀਤਾ ਗਿਆ। ਇਸ ਐਕਟ ਨੂੰ 30 ਅਪ੍ਰੈਲ 1962 ਈ. ਨੂੰ ਲਾਗੂ ਕੀਤਾ ਗਿਆ ਅਤੇ ਯੂਨੀਵਰਸਿਟੀ ਬਣਾਉਣ ਲਈ ਥਾਂ ਵਾਸਤੇ ਪਟਿਆਲਾ ਸ਼ਹਿਰ ਨੂੰ ਚੁਣਿਆ ਗਿਆ। 24 ਜੂਨ 1962 ਈ. ਨੂੰ ਰਾਜਿੰਦਰਾ ਜਿਮਖ਼ਾਨਾ ਮੈਦਾਨ ਵਿਚ ਪੰਜਾਬੀ ਯੂਨੀਵਰਸਿਟੀ ਦਾ ਉਦਘਾਟਨੀ ਸਮਾਰੋਹ ਰਾਸ਼ਟਰਪਤੀ ਡਾ. ਸਰਵਪਲੀ ਰਾਧਾਕ੍ਰਿਸ਼ਨਨ ਦੁਆਰਾ ਕੀਤਾ ਗਿਆ। ਗਵਰਨਰ ਪੰਜਾਬ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਐਨ.ਵੀ.ਗਾਡਗਿਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮੰਤਵ ਹੋਰ ਵਿਦਵਾਨ ਅਤੇ ਭੱਦਰ ਪੁਰਸ਼ ਪੈਦਾ ਕਰਨਾ ਨਹੀਂ , ਸਗੋਂ ਸੰਤੁਲਨ ਮਨ ਵਾਲੇ ਸ਼ਹਿਰੀ ਪੈਦਾ ਕਰਨੇ ਹਨ ਜੋ ਸਮਾਜ ਨੂੰ ਪੇਸ਼ ਆਉਂਦੀਆਂ ਸਭ ਸਮਸਿਆਵਾਂ ਪ੍ਰਤਿ ਸਹੀ ਦ੍ਰਿਸ਼ਟੀਕੋਣ ਦਾ ਵਿਕਾਸ ਕਰ ਸਕਣ। ਉਦੋਂ ਦੇ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਭਾਸ਼ਣ ਵਿਚ ਕਿਹਾ— ‘‘ਮਾਣਯੋਗ ਰਾਸ਼ਟਰਪਤੀ ਜੀ, ਪੰਜਾਬੀ ਬੋਲੀ ਬੜੇ ਝੱਖੜਾਂ, ਤੂਫ਼ਾਨਾਂ ਤੇ ਮੁਸੀਬਤਾਂ ਵਿਚੋਂ ਨਿਕਲੀ ਹੈ। ਇਸ ਨੇ ਤਲਵਾਰਾਂ, ਖੰਡਿਆਂ, ਤੀਰਾਂ ਤੇ ਨੇਜ਼ਿਆਂ ਦੇ ਗੀਤ ਗਾਏ ਨੇ। ਜੰਗਲਾਂ , ਬੇਲਿਆਂ ਤੇ ਮਾਰੂਥਲਾਂ ਵਿਚ ਰੁਮਾਂਸਕ ਢੋਲੇ ਗਾਏ ਹਨ। ਇਸ ਨੇ ਸੂਰਮਿਆਂ, ਯੋਧਿਆਂ ਤੇ ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰਜਾਂ ਪਾਈਆਂ ਨੇ ਤੇ ਇਸ ਬੋਲੀ ਨੇ ਭਗਤ ਬਾਣੀ , ਗੁਰੂ ਬਾਣੀ ਤੇ ਪ੍ਰਭੁ ਭਗਤੀ ਦਾ ਰਾਗ ਵੀ ਅਲਾਪਿਆ ਹੈ। ਅਜ ਇਹ ਗਿਆਨ ਮੰਦਰ ਅਰਥਾਤ ਯੂਨੀਵਰਸਿਟੀ ਵਿਚ ਆ ਬਿਰਾਜੀ ਹੈ। ਇਹ ਯੂਨੀਵਰਸਿਟੀ ਕੇਂਦਰੀ ਸਰਕਾਰ ਦੇ ਕਾਇਮ ਕੀਤੇ ਅਸੂਲਾਂ ’ਤੇ ਚਲੇਗੀ। ਹਿੰਦੂ-ਸਿੱਖ ਏਕਤਾ ਇਸ ਦਾ ਮੁੱਖ ਮੰਤਵ ਹੈ। ਮੈਂ ਅਜ ਦੇ ਇਤਿਹਾਸਿਕ ਦਿਨ ’ਤੇ ਕੁੱਲ ਪੰਜਾਬੀਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ।’’

ਯੂਨੀਵਰਸਿਟੀ ਦੇ ਆਰੰਭ ਵੇਲੇ ਆਰਟਸ ਅਤੇ ਸਮਾਜ ਵਿਗਿਆਨ ਦੀਆਂ 7 ਫੈਕਲਟੀਜ਼ ਕ੍ਰਮਵਾਰ ਵਿਗਿਆਨ , ਵਣਜ ਪ੍ਰਬੰਧ ਅਤੇ ਵਪਾਰ , ਭਾਸ਼ਾਵਾਂ, ਸਿੱਖਿਆ , ਡਾਕਟਰੀ ਅਤੇ ਤਕਨਾਲੋਜੀ ਸਨ। ਪੋਸਟ ਗਰੈਜੂਏਟ ਪੱਧਰ ’ਤੇ ਅੰਗ੍ਰੇਜ਼ੀ, ਪੰਜਾਬੀ, ਅਰਥ ਸ਼ਾਸਤ੍ਰ, ਭੌਤਿਕ ਵਿਗਿਆਨ, ਗਣਿਤ, ਦੋ ਗ਼ੈਰ ਅਧਿਆਪਕ ਵਿਭਾਗ—ਪੰਜਾਬ ਇਤਿਹਾਸ ਅਧਿਐਨ ਅਤੇ ਅਨੁਵਾਦ ਵਿਭਾਗ— ਸਥਾਪਿਤ ਕੀਤੇ ਗਏ। ਯੂਨੀਵਰਸਿਟੀ ਦੇ ਅਧਿਕਾਰ ਖੇਤਰ ਵਿਚ 3 ਆਰਟਸ ਅਤੇ 6 ਵਿਵਸਾਇਕ ਕਾਲਜ ਸਨ। ਡਾ. ਭਾਈ ਜੋਧ ਸਿੰਘ ਨੂੰ ਇਸ ਦਾ ਵਾਈਸ- ਚਾਂਸਲਰ ਅਤੇ ਪ੍ਰੋ. ਹਰਬੰਸ ਸਿੰਘ ਨੂੰ ਰਜਿਸਟ੍ਰਾਰ ਨਿਯੁਕਤ ਕੀਤਾ ਗਿਆ।

ਯੂਨੀਵਰਸਿਟੀ ਸਥਾਪਿਤ ਕਰਨ ਲਈ ਮੌਜੂਦਾ ਥਾਂ ਮਹਾਰਾਜਾ ਪਟਿਆਲਾ ਦੀ ਅਗਵਾਈ ਅਧੀਨ ਸਥਾਪਿਤ ਕਮੇਟੀ ਦੀ ਰਿਪੋਰਟ ਦੇ ਆਧਾਰ’ਤੇ 27 ਮਾਰਚ 1963 ਨੂੰ ਚੁਣੀ ਗਈ। ਮੌਜੂਦਾ ਕੈਂਪਸ ਦੀ ਉਸਾਰੀ 29 ਫਰਵਰੀ 1964 ਈ. ਨੂੰ ਸ਼ੁਰੂ ਕਰਨ ਉਪਰੰਤ 21 ਜੁਲਾਈ 1965 ਈ. ਨੂੰ ਵਾਈਸ ਚਾਂਸਲਰ ਕ੍ਰਿਪਾਲ ਸਿੰਘ ਨਾਰੰਗ ਨੇ ਅਕਾਦਮਿਕ ਸਰਗਰਮੀਆਂ ਦੀ ਸ਼ੁਰੂਆਤ ਹੋਸਟਲ ਨੰਬਰ 4 ਦੀ ਮੌਜੂਦਾ ਮੈੱਸ ਵਿਚ ਕੀਤੀ ਅਤੇ ਯੂਨੀਵਰਸਿਟੀ ਪਰਿਸਰ ਵਿਚ ਕੰਮ ਸ਼ੁਰੂ ਹੋ ਗਿਆ। ਯੂਨੀਵਰਸਿਟੀ ਦੀ ਸਥਾਪਨਾ ਦੇ ਮੁੱਖ ਉਦੇਸ਼ ਅਨੁਸਾਰ ਪੰਜਾਬੀ ਭਾਸ਼ਾ, ਸਭਿਆਚਾਰ ਅਤੇ ਸਾਹਿਤ ਦੇ ਵਿਕਾਸ ਲਈ ਸਿਖਿਆ ਦਾ ਮਾਧਿਅਮ ਸੈਨੇਟ ਰਾਹੀਂ ਪੰਜਾਬੀ ਨੂੰ ਬਣਾਇਆ ਗਿਆ। ਪਹਿਲਾਂ ਇਸ ਯੂਨੀਵਰਸਿਟੀ ਦਾ ਸਰੂਪ ‘ਰੈਜ਼ੀਡੈਨਸ਼ਲ’ ਵਾਲਾ ਸੀ, ਪਰ ਬਾਦ ਵਿਚ ਇਸ ਨਾਲ ਮਾਲਵਾ ਖੇਤਰ ਦੇ ਬਹੁਤ ਸਾਰੇ ਕਾਲਜ ਸੰਬੰਧਿਤ ਕਰ ਦਿੱਤੇ ਗਏ। ਸਮੇਂ ਦੀ ਚਾਲ ਅਨੁਸਾਰ ਪੰਜਾਬੀ ਯੂਨੀਵਰਸਿਟੀ ਅਧੀਨ ਹੁਣ 71 ਕਾਲਜ, ਤਲਵੰਡੀ ਸਾਬੋ, ਬਠਿੰਡਾ, ਮਲੇਰਕੋਟਲਾ ਆਦਿ ਥਾਂਵਾਂ’ਤੇ ਰਿਜਨਲ ਸੈਂਟਰ, ਡਾ. ਨੋਰਾ ਰਿਚਰਡ ਦੀ ਯਾਦ ਨੂੰ ਸਮਰਪਿਤ ਅੰਦਰੇਟਾ ਸੈਂਟਰ, ਦੇਹਰਾਦੂਨ ਵਿਖੇ ਸਿੱਖ ਧਰਮ ਦੇ ਵਿਕਾਸ ਲਈ ਸੈਂਟਰ ਅਤੇ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ , ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇਸਪੇਨੋਲਾ, ਨਿਊਯਾਰਕ (ਅਮਰੀਕਾ) ਅਤੇ ਕੁਵੈਤ ਵਿਖੇ ਸੈਂਟਰ ਸਥਾਪਿਤ ਹਨ।

ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਅਹਿਮ ਸੰਸਥਾ ਹੈ ਜਿਸ ਵਿਚ ਅਧਿਆਪਨ ਅਤੇ ਖੋਜ ਦੀਆਂ ਭਿੰਨ ਭਿੰਨ ਗਤਿਵਿਧੀਆਂ ਚਲ ਰਹੀਆਂ ਹਨ। ਪੰਜਾਬੀ ਰੈਫਰੈਂਸ ਲਾਇਬ੍ਰੇਰੀ ਇਸ ਦਾ ਅਨਿਖੜਵਾਂ ਅੰਗ ਹੈ। ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਤੋਂ ਬਾਦ ਇਹ ਸੰਸਾਰ ਦੀ ਦੂਜੀ ਯੂਨੀਵਰਸਿਟੀ ਹੈ ਜਿਥੇ ਸੰਸਾਰ ਦੇ ਪ੍ਰਮੁਖ ਧਰਮਾਂ—ਸਿੱਖ, ਇਸਲਾਮ, ਹਿੰਦੂਮਤ, ਬੌਧਮਤ ਅਤੇ ਈਸਾਈ ਮਤ—ਦੇ ਤੁਲਨਾਤਮਕ ਅਧਿਐਨ ਦਾ ਵਿਭਾਗ ਹੈ। ਇਸ ਵਿਭਾਗ ਦੀ ਸਭ ਤੋਂ ਮਹੱਤਵਪੂਰਣ ਦੇਣ Encylopaedia of Sikhism ਹੈ। ਪੰਜਾਬੀ ਦੇ ਵਿਕਾਸ ਲਈ ਇਸ ਯੂਨੀਵਰਸਿਟੀ ਵਿਚ ‘ਪੰਜਾਬੀ ਭਾਸ਼ਾ ਵਿਕਾਸ ਵਿਭਾਗ’ ਕਾਇਮ ਕੀਤਾ ਗਿਆ। ਇਸ ਵਿਭਾਗ ਵਲੋਂ ਮੌਲਿਕ ਅਤੇ ਅਨੁਵਾਦਿਕ ਸੈਂਕੜੇ ਪੁਸਤਕਾਂ ਛਾਪੀਆਂ ਗਈਆਂ ਹਨ। ‘ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ’ ਇਸ ਵਿਭਾਗ ਦੀ ਮਹੱਤਵ- ਪੂਰਣ ਪ੍ਰਕਾਸ਼ਨਾ ਹੈ। ਪੰਜਾਬੀ ਸਾਹਿਤ ਅਧਿਐਨ ਵਿਭਾਗ ਦੁਆਰਾ ਪੰਜਾਬੀ ਦੇ ਵਿਕਾਸ ਲਈ ਅਨੇਕ ਯੋਜਨਾਵਾਂ ਉਤੇ ਕੰਮ ਕੀਤਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੀ ਸਥਾਪਨਾ ਕੀਤੀ ਗਈ ਸੀ ਜਿਸ ਵਲੋਂ ‘ਆਦਿ ਗ੍ਰੰਥ: ਸ਼ਬਦ ਅਨੁਕ੍ਰਮਣਿਕਾ’, ‘ਗੁਰੂ ਗ੍ਰੰਥ ਵਿਸ਼ਵਕੋਸ਼ ’, ‘ਗਰੂ ਗ੍ਰੰਥ: ਸ਼ਬਦਾਰਥ ਕੋਸ਼ ’, ‘ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ’ ਆਦਿ ਹਵਾਲਾ ਗ੍ਰੰਥ ਪ੍ਰਕਾਸ਼ਿਤ ਹੋਏ ਹਨ।

ਯੂਨੀਵਰਸਿਟੀ ਦੁਆਰਾ 1966 ਵਿਚ ਸਥਾਪਿਤ ਪ੍ਰਕਾਸ਼ਨ ਬਿਊਰੋ ਹੁਣ ਤਕ 1500 ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ। ਆਧੁਨਿਕ ਮੀਡੀਆ ਸੈਂਟਰ, ਅਜਾਇਬਘਰ, ਆਰਟ ਗੈਲਰੀ, ਪੰਜਾਬੀ ਭਵਨ, ਵਾਰਿਸ ਭਵਨ, ਯੂਨੀਵਰਸਿਟੀ ਦੇ ਪ੍ਰਮੁਖ ਸਭਿਆਚਾਰਿਕ ਕੇਂਦਰ ਹਨ।

ਖੇਡਾਂ ਦੇ ਖੇਤਰ’ਚ ਯੂਨੀਵਰਸਿਟੀ ਕੋਲ ਵਿਸ਼ਾਲ ਜਿਮਨੇਜ਼ੀਅਮ ਅਤੇ ਇਨਡੋਰ ਖੇਡਾਂ ਲਈ ਵੱਡੇ ਹਾਲ ਤੋਂ ਇਲਾਵਾ ‘ਵੈਲੋਡਰਮ’ ਹੈ। ਸਾਇੰਸ ਫੈਕਲਟੀ ਦੇ ਮੈਂਬਰਾਂ ਨੇ ਯੂਨੀਵਰਸਿਟੀ ਦੇ ਮਾਧਿਅਮ ਪਰਿਵਰਤਨ ਵਿਚ ਮਹੱਤਵ- ਪੂਰਣ ਯੋਗਦਾਨ ਪਾਇਆ ਹੈ। ਪੰਜਾਬੀ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ ਜਿਸ ਵਿਚ ਤਾਰਾ ਵਿਗਿਆਨ ਅਤੇ ਪੁਲਾੜ ਵਿਗਿਆਨ ਵਿਭਾਗ ਦੇ ਕੈਂਪਸ ਵਿਚ ਰਡਾਰ ਕੰਮ ਕਰ ਰਹੇ ਹਨ।

ਸੰਨ 1968 ਈ. ਵਿਚ ਸਥਾਪਿਤ ਕੀਤੇ ਗਏ ਪੱਤਰ ਵਿਹਾਰ ਸਿੱਖਿਆ ਵਿਭਾਗ ਵਿਚ ਖੇਤਰੀ ਭਾਸ਼ਾ ਨੂੰ ਸਿੱਖਿਆ ਦਾ ਮਾਧਿਅਮ ਬਣਾਇਆ ਗਿਆ ਹੈ। ਇਸ ਵਿਭਾਗ ਰਾਹੀਂ ਸੰਨ 1975 ਈ. ਤੋਂ ਅਜ ਤਕ ਫ਼ਾਰਸੀ , ਉਰਦੂ, ਜਰਮਨ, ਫਰੈਂਚ, ਚੀਨੀ, ਤਿੱਬਤੀ ਆਦਿ ਭਾਸ਼ਾਵਾਂ ਦੇ ਕੋਰਸ ਰੋਮਨ ਲਿਪੀ ਰਾਹੀਂ ਕਰਵਾਏ ਜਾਂਦੇ ਹਨ। ਪੱਤਰ ਵਿਹਾਰ ਵਿਭਾਗ ਵਿਚ ਹਰ ਸਾਲ 7 ਤੋਂ 10 ਹਜ਼ਾਰ ਤਕ ਵਿਦਿਆਰਥੀ ਦਾਖ਼ਲਾ ਲੈਂਦੇ ਹਨ। ਸਪੀਚ ਅਤੇ ਡਰਾਮੇ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ, ਉੱਤਰੀ ਭਾਰਤ ਦੀ ਪਹਿਲੀ ਯੂਨੀਵਰਸਿਟੀ ਹੈ ਜਿਥੇ ਸਪੀਚ ਅਤੇ ਡਰਾਮੇ ਦਾ ਵਿਭਾਗ ਖੋਲ੍ਹਿਆ ਗਿਆ ਹੈ। ਗੁਰਮਤਿ ਸੰਗੀਤ ਦੀ ਸਿਖਿਆ ਲਈ ਵੀ ਵਖਰਾ ਵਿਭਾਗ ਸਥਾਪਿਤ ਕੀਤਾ ਗਿਆ ਹੈ।

ਪੰਜਾਬੀ ਯੂਨੀਵਰਸਿਟੀ ਨੇ ਪੰਜਾਬ ਦੇ ਵਿਦਿਅਕ, ਸਭਿਆਚਾਰਿਕ ਅਤੇ ਸਾਹਿਤਿਕ ਖੇਤਰ ਵਿਚ ਨਵੀਂ ਸੇਧ ਦਿੱਤੀ ਹੈ। ਇਸ ਨੇ ਪੰਜਾਬੀ ਦੇ ਅਨੇਕਾਂ ਵਿਦਵਾਨਾਂ ਜਿਵੇਂ ਭਾਈ ਜੋਧ ਸਿੰਘ, ਪ੍ਰੋ. ਗੁਲਵੰਤ ਸਿੰਘ, ਡਾ. ਹਰਚਰਨ ਸਿੰਘ , ਡਾ. ਰਤਨ ਸਿੰਘ ਜੱਗੀ , ਡਾ. ਦਲੀਪ ਕੌਰ ਟਿਵਾਣਾ , ਗਿਆਨੀ ਲਾਲ ਸਿੰਘ, ਡਾ. ਅਤਰ ਸਿੰਘ ਆਦਿ ਤੋਂ ਸਹਿਯੋਗ ਹਾਸਲ ਕੀਤਾ ਹੈ। ਆਪਣੇ ਆਸ਼ੇ ਦੀ ਪੂਰਤੀ ਲਈ ਇਹ ਸੰਸਥਾ ਪੂਰੀ ਤਰ੍ਹਾਂ ਯਤਨਸ਼ੀਲ ਹੈ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.